ਆਪਣੇ ਸਿਆਸੀ ਵਿਰਸੇ ਨੂੰ ਅਣਗੋਲਿਆ ਕਰਨ ਵਾਲੀ ਸਰਕਾਰ :-ਜਾਣੋਂ ਕੇਹੜੀ?
Political Heritage
Political Heritage: ਇਤਿਹਾਸ ਗਵਾਹ ਹੈ ਕਿ ਜੇਹੜੀਆਂ ਕੌਮਾਂ ਆਪਣੇ ਸਿਆਸੀ ਵਿਰਸੇ ਨੂੰ ਵਿਸਾਰ ਦਿੰਦੀਆਂ ਹਨ , ਉਹ ਲੋਕਾਂ ਦੇ ਦਿਲਾਂ ਵਿਚੋਂ ਵਿਸਰ ਕੇ ਖਿੰਡ ਪੁੰਡ ਜਾਂਦੀਆਂ ਹਨ । ਇਸੇ ਤਰ੍ਹਾਂ ਜੋ ਸਿਆਸੀ ਪਾਰਟੀਆਂ ਸਰਕਾਰ ਬਣਾ ਕੇ ਤਾਕਤਵਰ ਬਣ ਜਾਂਦੀਆਂ ਹਨ ਅਤੇ ਆਪਣੀ ਤਾਕਤ ਦੇ ਨਸ਼ੇ ਵਿੱਚ ਆਪਣੇ ਫ਼ਰਜ਼ਾਂ ਨੂੰ ਲਾਪਰਵਾਹੀ ਨਾਲ ਅਣਗੌਲਿਆ ਕਰ ਦਿੰਦੀਆਂ ਹਨ । ਉਨ੍ਹਾਂ ਘੁਮੰਡੀ ਰਾਜਨੀਤਿਕ ਪਾਰਟੀ ਨੂੰ ਲੋਕ ਮਾਫ਼ ਨਹੀਂ ਕਰਦੇ ਹੋਏ ਬਾਹਰ ਦਾ ਰਸਤਾ ਵਿਖਾ ਦਿੰਦੇ ਹਨ।
ਇਨ ਬਿਨ ਅਜਿਹੀ ਬਦਨਸੀਬ ਘਟਨਾ ਬੀਤੇ ਦਿਨੀਂ ਪੰਜਾਬ ਵਿੱਚ ਵਾਪਰੀ । ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮਦਿਨ ਨੂੰ ਪੰਜਾਬ ਸਰਕਾਰ ਵੱਲੋਂ ਬਿਲਕੁਲ ਨਕਾਰ ਦਿੱਤਾ ਗਿਆ। ਲੰਬੀ ਉਡੀਕ ਪਿੱਛੋਂ ਮਹਾਂਰਾਜਾ ਰਣਜੀਤ ਸਿੰਘ ਦੇ ਜਨਮ ਅਸਥਾਨ , ਨਾਨਕੇ ਪਿੰਡ ਬਡਰੁੱਖਾਂ ਨੂੰ , ਉਹਨਾਂ ਦੇ ਘੋੜੇ ਤੇ ਸਵਾਰ ਦਾ ਬੂਤ ਮਸਾਂ ਨਸਸੀਬ ਹੋਇਆ। ਇਸ ਨੂੰ ਇਤਿਹਾਸ ਦਾ ਗੌਰਵਮਈ ਹਿਸਾ ਸਮਝਦੇ ਹੋਏ , ਪਿੰਡ ਨਿਵਾਸੀਆਂ ਨੂੰ ਪੂਰੀ ਆਸ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਨਮਦਿਨ ਨੂੰ ਪੰਜਾਬ ਸਰਕਾਰ ਵੱਲੋਂ
ਰਾਜ ਪੱਧਰ ਤੇ ਮਨਾਇਆ ਜਾਵੇਗਾ ਅਤੇ ਘੱਟ ਤੋਂ ਘੱਟ ਮੁੱਖ ਮੰਤਰੀ ਵੱਲੋਂ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। ਪਿੰਡ ਨਿਵਾਸੀਆਂ ਵਲੋਂ ਬੜੇ ਚਾਵਾਂ ਨਾਲ ਪਿੰਡ ਦੇ ਦੇਸ਼ ਵਿਆਪੀ ਹੋਣਹਾਰ ਦੋਹਤਰੇ ਦੇ ਜਨਮਦਿਨ ਦੀ ਖੁਸ਼ੀ ਵਿੱਚ ਵੱਡੇ ਮਾਨ , ਸਤਿਕਾਰ ਅਤੇ ਆਸ ਨਾਲ ਅਖੰਡ ਪਾਠ ਪ੍ਰਕਾਸ਼ ਰਖਵਾਏ ਗਏ ਪਰ ਪਿੰਡ ਵਾਸੀਆਂ ਸਮੇਤ ਸਮੂਹ ਪੰਜਾਬੀਆਂ ਨੂੰ ਸ਼ਰਮਸ਼ਾਰ ਹੋਣਾ ਪਿਆ , ਕਿਉਂਕਿ ਮਾਹਾਂਰਾਜਾ ਰਣਜੀਤ ਸਿੰਘ ਦੇ ਜਨਮਦਿਨ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਵਜੋਂ ਮਨਾਉਣਾ ਤਾਂ ਦੂਰ ਦੀ ਗੱਲ , ਕੋਈ ਛੋਟਾ ਮੋਟਾ ਅਧਿਕਾਰੀ ਵੀ ਨਾ ਪਹੁੰਚਣ ਕਾਰਨ ਪੰਜਾਬ ਸਰਕਾਰ ਨੇ ਆਪਣੇ ਸਿਆਸੀ ਵਿਰਸੇ ਨੂੰ ਵਿਸਾਰਨ ਦਾ ਸਬੂਤ ਪੇਸ਼ ਕਰ ਦਿੱਤਾ।
ਮਾਹਾਰਾਜਾ ਰਣਜੀਤ ਸਿੰਘ ਪਹਿਲੇ ਸਿੱਖ ਰਾਜ ਦੇ ਬਾਨੀ ਸਨ। ਉਹਨਾ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ਤੇ ਚਲਦਿਆਂ ਹੋਇਆਂ ਵੱਡੀਆਂ ਜੰਗਾਂ ਫਤਿਹ ਕਰਕੇ ਖਾਲਸੇ ਦਾ ਸਮੁੰਦਰ ਜਿਡਾ ਪੰਜਾਬ ਰਾਜ ਕਾਇਮ ਕੀਤਾ ਅਤੇ ਉਸ ਸਮੇਂ ਦੇ ਵੱਡੇ ਵੱਡੇ ਜਰਵਾਣਿਆਂ ਨੂੰ ਲੋਹੇ ਦੇ ਚਣੇ ਚਬਾ ਕੇ ਵਡਮੁੱਲਾ ਇਤਿਹਾਸ ਸਿਰਜਿਆ । ਪਰ ਸਮੇਂ ਦੇ ਹਾਕਮਾਂ ਦੀ ਨਲਾਇਕੀ , ਖੁਦਗਰਜ਼ੀ ਲਾਲਸਾ ਅਤੇ ਸੌੜੀ ਸੋਚ ਸਦਕਾ ਅੱਜ ਪੰਜਾਬ ਭਾਵੇਂ ਮਾਹਾਂਰਾਜਾ ਰਣਜੀਤ ਸਿੰਘ ਦੇ ਸਮੁੰਦਰ ਜਿੱਡੇ ਪੰਜਾਬ ਤੋਂ ਸੁੰਗੜ ਕੇ , ਛੋਟੀ ਛੱਪੜੀ ਜਿਡਾ ਪੰਜਾਬ ਰਹਿ ਗਿਆ ਹੈ , ਪਰ ਪੰਜਾਬ ਦੀ ਹਰ ਸਰਕਾਰ ਨੂੰ ਰਾਜ ਚਲਾਉਣ ਦੀ ਜੋ ਗੁੜ੍ਹਤੀ ਮਾਹਾਂਰਾਜਾ ਰਣਜੀਤ ਸਿੰਘ ਨੇ ਦਿਤੀ ਹੈ , ਉਸ ਦਾ ਲਾਹਾ ਭਾਵੇਂ ਕੋਈ ਸਰਕਾਰ ਲਵੇ ਜਾਂ ਨਾਂ ਲਵੇ ਪਰ ਹਰ ਪੰਜਾਬੀ ਮਾਹਾਂਰਾਜਾ ਰਣਜੀਤ ਸਿੰਘ ਦੀ ਇਸ ਮਹਾਨ ਦੇਣ ਤੇ ਸਦਾ ਰਿਣੀ ਰਹੇਗਾ। ਪੰਜਾਬ ਸਰਕਾਰ ਨੂੰ ਇਸ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਜਨਮਦਿਨ ਨੂੰ ਰਾਜ ਪੱਧਰੀ ਸਮਾਗਮ ਦੇ ਤੌਰ ਤੇ ਨਾ ਮਨਾਉਣ ਦੀ ਪੰਜਾਬੀਆਂ ਤੋਂ ਜਨਤਕ ਤੌਰ ਤੇ ਮਾਫ਼ੀ ਮੰਗਣੀ ਚਾਹੀਦੀ ਹੈ। ਅਗੇ ਤੋਂ ਇਹ ਦਿਨ ਧੂਮਧਾਮ ਨਾਲ ਰਾਜ ਪੱਧਰੀ ਸਮਾਗਮ ਵਜੋਂ ਮਨਾ ਕੇ ਪੰਜਾਬ ਵਾਸੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।
यह पढ़ें:
यह पढ़ें: