Happy Dussehra 2022: ਦੁਸ਼ਹਿਰਾ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ
Happy Dussehra 2022
Happy Dussehra 2022: ਭਾਰਤ ਦੇ ਪ੍ਰਾਚੀਨ ਇਤਿਹਾਸ ਵਿਚ 2 ਯਾਦਗਾਰੀ ਕੌਤਕ, ਅਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਿਥੀ ਨੂੰ ਵਰਤੇ ਸਨ। ਜਿਨਾਂ ਕਾਰਨ ਦੁਸ਼ਹਿਰੇ ਨੂੰ ਬਦੀ ਤੇ ਨੇਕੀ ਦੀ ਜਿੱਤ ਵਜੋਂ ਸਤਿਕਾਰਿਆ ਜਾਂਦਾ ਹੈ। ਪਹਿਲੇ ਕੌਤਕ ਵਿਚ ਭਗਵਾਨ ਰਾਮ ਨੇ ਹੰਕਾਰੀ ਤੇ ਬਦੀਖੋਰ ਰਾਵਣ ਦਾ ਯੁੱਧ ਕਰਕੇ ਵਤ ਕੀਤਾ। ਦੂਸਰੇ ਵਿੱਚ ਮਾਂ ਦੁਰਗਾ ਨੇ ਦੈਂਤ ਮਹਿਸ਼ਾਸੁਰ ਨੂੰ ਉਸ ਦੇ ਪਾਪਾਂ ਦੀ ਸਜ਼ਾ ਦੇ ਕੇ ਮਾਰ ਮੁਕਾਇਆ ਸੀ। ਇਸ ਲਈ ਸਮੂਹ ਭਾਰਤਵਾਸੀ ਇਸ ਪਵਿੱਤਰ ਦਿਹਾੜੇ ਨੂੰ ਸ਼ਰਧਾ ਤੇ ਸਤਿਕਾਰ ਨਾਲ ਦੁਸ਼ਹਿਰੇ ਦੇ ਤਿਉਹਾਰ ਵਜੋਂ ਮਨਾਉਂਦੇ ਹਨ।
ਦੁਸ਼ਹਿਰਾ ਸ਼ਬਦ ਵੀ ਸੰਮਿਤ ਚੋਂ ਲਿਆ ਗਿਆ ਹੈ, ਜਿਸ ਵਿਚ ਦਸ਼ ਤੋਂ ਦੁਸਾ਼ਨਨ ਭਾਵ 10 ਮੁਖਾਂ ਵਾਲਾ ਰਾਵਣ ਅਤੇ ਹਾਰਾ ਤੋਂ ਹਾਰ ਜਿਸ ਦਾ ਅਰਥ ਹੈ ਕਿ 10 ਮੁਖਾਂ ਵਾਲੇ ਰਾਵਣ ਦੀ ਹਾਰ।
ਰਾਵਣ ਨੇ ਧੋਖੇ ਨਾਲ ਸੀਤਾ ਮਾਤਾ ਨੂੰ ਹਰਨ ਕਰ ਲਿਆ । ਇਸ ਲਈ ਭਗਵਾਨ ਰਾਮ ਨੇ ਰਾਵਣ ਤੇ ਵਡੀ ਸੈਨਾ ਲੈਕੇ , ਬਦੀ ਨੂੰ ਖ਼ਤਮ ਕਰਨ ਤੇ ਨੇਕੀ ਦੀ ਜਿੱਤ ਲਈ ਹਮਲਾ ਕਰ ਦਿੱਤਾ । ਲਗਾਤਾਰ 10 ਦਿਨਾਂ ਦੇ ਘਮਸਾਨ ਯੁੱਧ ਉਪਰੰਤ ਦਸਵੇਂ ਦਿਨ ਰਾਵਣ ਨੂੰ ਮਾਰ ਮੁਕਾ ਕੇ , ਸੀਤਾ ਮਾਤਾ ਨੂੰ ਰਾਵਣ ਦੀ ਕੈਦ ਵਿੱਚੋਂ ਅਜ਼ਾਦ ਕਰਵਾਇਆ।
ਇਸ ਲਈ ਪਾਪੀ, ਧੋਖੇਬਾਜ ਅਤੇ ਹੰਕਾਰੀ ਰਾਵਣ ਨੂੰ ਮਾਰਨ ਅਤੇ ਮਾਤਾ ਸੀਤਾ ਨੂੰ ਸੁਰੱਖਿਅਤ ਮੁਕਤ ਕਰਾਉਣ ਦੀ ਖੁਸ਼ੀ ਵਿੱਚ ਸਮੂਹ ਭਾਰਤੀ ਖੁਸ਼ੀਆਂ ਮਨਾਉਂਦੇ ਹਨ। ਯੁੱਧ ਵਾਲੇ ਨੌਂ ਦਿਨ ਰਾਮਲੀਲਾ ਮੈਦਾਨਾਂ ਵਿੱਚ ਯੁੱਧ ਦੀਆਂ ਇਨ ਬਿਨ ਝਾਕੀਆਂ ਨਾਟਕਾਂ ਵਜੋਂ ਹਰ ਰੋਜ਼ ਸ਼ਾਮ ਨੂੰ ਵਡੇ ਇਕੱਠਾਂ ਵਿਚ ਖੇਡੀਆਂ ਜਾਂਦੀਆਂ ਹਨ। ਆਖ਼ਰੀ ਦਸਵੇਂ ਦਿਨ ਵਡੇ ਵਡੇ ਇਕੱਠਾਂ ਵਿਚ ਰਾਵਣ ਦੇ ਪੁਤਲੇ ਦੇ ਦੋਵੇਂ ਪਾਸੇ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਰਸੀਆਂ ਨਾਲ ਬੰਨ੍ਹ ਕੇ ਪਟਾਕੇ ਅਤੇ ਆਤਿਸ਼ਬਾਜ਼ੀ ਭਰ ਕੇ ਵੱਡੀ ਗੜਗਿੜਾਹਿਟ ਨਾਲ ਫੂਕੇ ਜਾਂਦੇ ਹਨ। ਇਸ ਮੌਕੇ ਲੋਕਾਂ ਵਿਚ ਅਲੌਕਿਕ ਜਸ਼ਨਾ ਦਾ ਮਹੌਲ ਵੇਖਣ ਨੂੰ ਮਿਲਦਾ ਹੈ।ਖੁਸ਼ੀ ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ ਹਨ ਅਤੇ ਨੇਕ ਜੀਵਨ ਜਿਉਣ ਲਈ ਪ੍ਰਣ ਕੀਤਾ ਜਾਂਦਾ ਹੈ। ਰਾਵਣ ਸ਼ਿਵ ਭਗਤ ਤੇ ਪ੍ਰਕਾਂਡ ਪੰਡਤ ਹੋਣ ਕਾਰਨ ਦਸ ਵੇਦਾਂ ਦਾ ਗਿਆਤਾ ਸੀ ਅਤੇ ਸ਼ਾਸ਼ਤਰ ਵਿਦਿਆ ਵਿੱਚ ਨਿਪੁੰਨ ਹੋਣ ਕਰਕੇ ਬਲਧਾਰੀ ਸੀ।ਪਰ ਇਸ ਦੇ ਬਾਵਜੂਦ ਹੰਕਾਰ ਵਿੱਚ ਆ ਕੇ ਬੇਗੁਨਾਹ ਸੀਤਾ ਮਾਤਾ ਨੂੰ ਹਰਨ ਦਾ ਬਜ਼ਰ ਪਾਪ ਕਰਕੇ , ਉਹ ਬਦੀ ਦਾ ਭਾਗੀਦਾਰ ਬਣ ਗਿਆ।
ਇਤਿਹਾਸ ਅਨੁਸਾਰ ਹੋਰ ਕਿਸੇ ਸਾਲ ਦੇ ਏਸੇ ਹੀ ਦਿਨ ਮਾਂ ਦੁਰਗਾ ਨੇ ਦੈਂਤ ਮਹਿਸ਼ਾਸੁਰ ਨਾਲ ਨੌਂ ਦਿਨ ਅਤੇ ਨੌਂ ਰਾਤਾਂ ਯੁੱਧ ਕਰ ਕੇ ਉਸ ਨੂੰ ਪਾਪਾਂ ਦੀ ਸਜ਼ਾ ਦਿੱਤੀ ਸੀ ਅਤੇ ਉਸ ਦਾ ਬੁਰੀ ਤਰ੍ਹਾਂ ਵਤ ਕਰ ਦਿੱਤਾ ਸੀ। ਕਿਉਂ ਕਿ ਦੈਂਤ ਮਹਿਸ਼ਾਸੁਰ ਦੇਵੀ ਦੇਵਤਿਆਂ ਸਮੇਤ ਮਾਸੂਮ ਲੋਕਾਂ ਤੇ ਅਕਹਿ ਤੇ ਅਸਹਿ ਪਾਪ ਕਰਦਾ ਸੀ।
ਇਸ ਦਿਨ ਨੂੰ ਪ੍ਰਾਚੀਨ ਰਾਜੇ ਮਹਾਰਾਜੇ ਯੁੱਧਨੀਤੀ ਲਈ ਸ਼ੁਭ ਸ਼ਗਨ ਮਨਦੇ ਸਨ। ਇਸ ਦਿਨ ਸ਼ਾਸਤਰਾਂ ਦੀ ਪੂਜਾ ਕੀਤੀ ਜਾਂਦੀ ਸੀ। ਉਹ ਪ੍ਰਮਪਰਾ ਹੁਣ ਵੀ ਚਲ ਰਹੀ ਹੈ ਅਤੇ ਲੋਕ ਸ਼ਾਸਤਰ ਪੂਜਾ ਕਰਦੇ ਹਨ।
ਆਉ,ਇਸ ਪਵਿੱਤਰ ਤਿਉਹਾਰ ਨੂੰ ਬੜੇ ਚਾਵਾਂ ਅਤੇ ਖੁਸ਼ੀਆਂ ਨਾਲ ਮਨਾਉਂਦੇ ਹੋਏ, ਭਗਵਾਨ ਰਾਮ ਅਤੇ ਮਾਂ ਦੁਰਗਾ ਦੇ ਉਪਦੇਸ਼ਾਂ ਤੇ ਅਮਲ ਕਰਕੇ ,ਹੰਕਾਰ ਨੂੰ ਤਿਆਗਣ ਅਤੇ ਹਰ ਸਮੇ ਨੇਕੀ ਕਰਨ ਦਾ ਪ੍ਰਣ ਕਰੀਏ।