ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕ ਭਲਾਈ ਲਈ ਲਏ ਇਤਿਹਾਸਕ ਫੈਸਲਿਆਂ ਲਈ ਮੰਤਰੀਆਂ ਅਤੇ ਵਿਧਾਇਕਾਂ ਨੇ ਇੱਕਮੁੱਠਤਾ ਨਾਲ ਮੁੱਖ ਮੰਤਰੀ ਚੰਨੀ ਦਾ ਧੰਨਵਾਦ ਕੀਤਾ
ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕ ਭਲਾਈ ਲਈ ਲਏ ਇਤਿਹਾਸਕ ਫੈਸਲਿਆਂ ਲਈ ਮੰਤਰੀਆਂ ਅਤੇ ਵਿਧਾਇਕਾਂ ਨੇ ਇੱਕਮੁੱਠਤਾ ਨਾਲ ਮੁ
ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿਚ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਹੋਏ ਸ਼ਾਮਿਲ
ਚੰਡੀਗੜ, 2 ਨਵੰਬਰ: ਪੰਜਾਬ ਦੇ ਸੱਤਾਧਾਰੀ ਧਿਰ ਦੇ ਵਿਧਾਇਕ ਅਤੇ ਮੰਤਰੀ ਮੰਗਲਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਮਾਜ ਦੇ ਹਰ ਵਰਗ ਦੀ ਭਲਾਈ ਦੇ ਉਦੇਸ਼ ਨਾਲ ਹਾਲ ਹੀ ਵਿੱਚ ਲਏ ਗਏ ਇਤਿਹਾਸਕ ਤੇ ਮਿਸਾਲੀ ਫੈਸਲਿਆਂ ਲਈ ਦਿਲੋਂ ਧੰਨਵਾਦ ਕਰਨ ਲਈ ਪੰਜਾਬ ਭਵਨ ਵਿਖੇ ਇੱਕਠੇ ਹੋਏ।
ਇਸ ਮੌਕੇ ਸਭ ਨੇ ਇੱਕਮੁਠਤਾ ਪ੍ਰਗਟਾਉਂਦਿਆਂ ਵਿਸ਼ੇਸ਼ ਤੌਰ ’ਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਵਧਾਉਣ ਵਾਲੇ ਨਾਦਰਸ਼ਾਹੀ ਫਰਮਾਨ ਨੂੰ ਰੱਦ ਕਰਨ ਲਈ 8 ਨਵੰਬਰ ਨੂੰ ਸੂਬਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੇ ਫੈਸਲੇ ਲਈ ਮੁੱਖ ਮੰਤਰੀ ਵਲੋਂ ਕੀਤੀਆਂ ਦਲੇਰ ਪਹਿਲਕਦਮੀਆਂ ਲਈ ਧੰਨਵਾਦ ਕੀਤਾ।
ਮੀਟਿੰਗ ਦੌਰਾਨ ਮੰਤਰੀਆਂ ਅਤੇ ਵਿਧਾਇਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕੈਬਨਿਟ ਵੱਲੋਂ ਬਿਜਲੀ ਖਰੀਦ ਸਮਝੌਤਿਆਂ (ਪੀ.ਪੀ.ਏ) ਨੂੰ ਰੱਦ ਕਰਨ ਅਤੇ ਲੋਕਾਂ ਨੂੰ ਰਾਹਤ ਦੇਣ ਲਈ 2 ਕਿਲੋਵਾਟ ਲੋਡ ਵਾਲੇ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ ਕਰਨ, ਸਾਰੀਆਂ ਪੇਂਡੂ ਜਲ ਸਪਲਾਈ (ਆਰ.ਡਬਲਿਊ.ਐਸ) ਨੂੰ ਮੁਫਤ ਬਿਜਲੀ, 440 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਵਿੱਚ ਸਾਰੀਆਂ ਆਰ.ਡਬਲਿਊ.ਐਸ. ਸਕੀਮਾਂ ਦੇ ਸਰਵਿਸ ਚਾਰਜ ਨੂੰ 70 ਫੀਸਦ ਘਟਾ ਕੇ 166 ਰੁਪਏ ਤੋਂ 50 ਰੁਪਏ ਪ੍ਰਤੀ ਘਰ ਪ੍ਰਤੀ ਮਹੀਨਾ ਕਰਨਾ, ਘਰੇਲੂ ਬਿਜਲੀ ਟੈਰਿਫ 3 ਰੁਪਏ ਘਟਾਇਆ , ਕਰਮਚਾਰੀਆਂ ਨੂੰ ਦੀਵਾਲੀ ਦੇ ਤੋਹਫੇ ਵਜੋਂ ਡੀਏ ਵਿੱਚ 11 ਪ੍ਰਤੀਸ਼ਤ ਵਾਧਾ, ਲਾਲ ਲਕੀਰ ਵਿੱਚ ਆਉਂਦੀਆਂ ਸਾਰੀਆਂ ਸ਼ਹਿਰੀ ਅਤੇ ਪੇਂਡੂ ਜਾਇਦਾਦਾਂ ਦੇ ਮਾਲਕੀ ਅਧਿਕਾਰ ਅਤੇ ਵੈਟ ਨਾਲ ਸਬੰਧਤ 40000 ਕੇਸਾਂ ਨੂੰ ਖਤਮ ਕਰਨ ਨਾਲ ਉਦਯੋਗਿਕ ਭਾਈਚਾਰੇ ਨੂੰ ਵੱਡੀ ਰਾਹਤ ਦੇਣਾ ਆਦਿ ਸਬੰਧੀ ਲਏ ਗਏ ਹਾਲੀਆ ਫੈਸਲਿਆਂ ਦੀ ਸਾਂਝੇ ਤੌਰ ‘ਤੇ ਸ਼ਲਾਘਾ ਕੀਤੀ।
ਮੀਟਿੰਗ ਵਿੱਚ ਪ੍ਰਮੁੱਖ ਤੌਰ ‘ਤੇ ਏ.ਆਈ.ਸੀ.ਸੀ ਪੰਜਾਬ ਇੰਚਾਰਜ ਸ੍ਰੀ ਹਰੀਸ਼ ਚੌਧਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ੍ਰੀਮਤੀ ਅਰੁਣਾ ਚੌਧਰੀ, ਵਿਜੇ ਇੰਦਰ ਸਿੰਗਲਾ, ਰਣਦੀਪ ਸਿੰਘ ਨਾਭਾ, ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ, ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਮੁਹੰਮਦ ਸਦੀਕ ਅਤੇ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਅਤੇ ਪਵਨ ਗੋਇਲ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਮੌਜੂਦ ਸਨ।