ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਪੁਰਾਣੇ ਖਿਡਾਰੀਆਂ ਨੂੰ ਅੱਗੇ ਆਉਣਾ ਪਵੇਗਾ: ਪਰਗਟ ਸਿੰਘ
ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਪੁਰਾਣੇ ਖਿਡਾਰੀਆਂ ਨੂੰ ਅੱਗੇ ਆਉਣਾ ਪਵੇਗਾ: ਪਰਗਟ ਸਿੰਘ
ਬਾਬਾ ਜੀ ਐਸ ਬੋਧੀ ਵੈਟਰਨ ਹਾਕੀ ਲੀਗ ਵਿੱਚ ਪੁਰਾਣੇ ਖਿਡਾਰੀਆਂ ਨੇ ਵਿਖਾਏ ਜੌਹਰ
ਖੇਡ ਮੰਤਰੀ ਵੱਲੋਂ ਲਾਇਲਪੁਰ ਖਾਲਸਾ ਕਾਲਜ ਨੂੰ ਹਾਕੀ ਐਸਟੋਟਰਫ ਲਈ 5 ਲੱਖ ਰੁਪਏ ਤੇ ਜੀ ਐਸ ਬੋਧੀ ਕਲੱਬ ਨੂੰ 2 ਲੱਖ ਰੁਪਏ ਦੇਣ ਦਾ ਐਲਾਨ
ਸਾਬਕਾ ਓਲੰਪੀਅਨ ਕਪਤਾਨ ਪਰਗਟ ਸਿੰਘ ਨੇ ਹਾਕੀ ਖੇਡ ਕੇ ਪੁਰਾਣੇ ਦਿਨ ਚੇਤੇ ਕੀਤੇ
ਜਲੰਧਰ, 31 ਅਕਤੂਬਰ
ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਹੋਵੇਗਾ ਜਿਸ ਲਈ ਵਿਸ਼ੇਸ਼ ਤੌਰ ਉਤੇ ਪੁਰਾਣੇ ਖਿਡਾਰੀਆਂ ਨੂੰ ਵੀ ਅੱਗੇ ਆਉਣਾ ਹੋਵੇਗਾ। ਇਹ ਗੱਲ ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਇੱਥੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਚੌਥੀ ਬਾਬਾ ਜੀ ਐਸ ਬੋਧੀ ਵੈਟਰਨ ਹਾਕੀ ਲੀਗ ਦੇ ਫ਼ਾਈਨਲ ਮੈਚ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ।
ਇਸ ਮੌਕੇ ਪਰਗਟ ਸਿੰਘ ਜੋ ਸਾਬਕਾ ਹਾਕੀ ਓਲੰਪੀਅਨ ਹਨ, ਨੇ ਵੀ ਹਾਕੀ ਫੜ ਕੇ ਵੈਟਰਨ ਖਿਡਾਰੀਆਂ ਨਾਲ ਹਾਕੀ ਮੈਚ ਖੇਡਿਆ। ਹਾਕੀ ਮੈਦਾਨ ਵਿੱਚ ਪਰਗਟ ਸਿੰਘ ਦਾ ਉਹੀ ਸਕਿੱਲ ਦੇਖਣ ਨੂੰ ਮਿਲਿਆ। ਛੋਟੀ ਉਮਰ ਦੇ ਖਿਡਾਰੀ ਖੇਡ ਮੰਤਰੀ ਪਰਗਟ ਸਿੰਘ ਨੂੰ ਖੇਡਦਾ ਦੇਖ ਕੇ ਬਹੁਤ ਉਤਸ਼ਾਹਤ ਹੋਏ ਅਤੇ ਉਨ੍ਹਾਂ ਆਪਣੇ ਸਮੇਂ ਦੇ ਮਹਾਨ ਖਿਡਾਰੀ ਰਹੇ ਪਰਗਟ ਸਿੰਘ ਨਾਲ ਸੈਲਫੀਆਂ ਵੀ ਲਈਆਂ।1996 ਐਟਲਾਂਟਾ ਓਲੰਪਿਕਸ ਵਿੱਚ ਪਰਗਟ ਸਿੰਘ ਦੀ ਕਪਤਾਨੀ ਹੇਠ ਭਾਰਤ ਵੱਲੋਂ ਖੇਡਣ ਵਾਲੇ ਹਰਪ੍ਰੀਤ ਸਿੰਘ ਮੰਡੇਰ ਤੇ ਸੰਜੀਵ ਕੁਮਾਰ ਵੀ ਮੌਕੇ ਉਤੇ ਮੌਜੂਦ ਸੀ। ਤਿੱਕੜੀ ਨੇ ਅੱਜ ਹਾਕੀ ਖੇਡ ਕੇ ਪੁਰਾਣੇ ਦਿਨ ਚੇਤੇ ਕੀਤੇ।
ਸ. ਪਰਗਟ ਸਿੰਘ ਨੇ ਲਾਇਲਪੁਰ ਖਾਲਸਾ ਕਾਲਜ ਨੂੰ ਹਾਕੀ ਐਸਟੋਟਰਫ ਲਈ 5 ਲੱਖ ਰੁਪਏ ਅਤੇ ਜੀ ਐਸ ਬੋਧੀ ਕਲੱਬ ਨੂੰ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹਾਕੀ ਖੇਡ ਨੂੰ ਵੱਡੀ ਦੇਣ ਵਾਲੇ ਸਾਡੇ ਸਾਰਿਆਂ ਦੇ ਮਹਿਬੂਬ ਕੋਚ ਜੀ ਐਸ ਬੋਧੀ ਜੀ ਦੀ ਯਾਦ ਵਿੱਚ ਹੁੰਦੀ ਲੀਗ ਵਿੱਚ ਪੁਰਾਣੇ ਖਿਡਾਰੀਆਂ ਨੂੰ ਖੇਡਦਿਆਂ ਦੇਖ ਕੇ ਖੁਸ਼ੀ ਹੋਈ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਪੁਰਾਣੇ ਖਿਡਾਰੀਆਂ ਨੂੰ ਇਸੇ ਤਰ੍ਹਾਂ ਖੇਡ ਮੈਦਾਨ ਵਿੱਚ ਨਿੱਤਰਨਾ ਪਵੇਗਾ ਕਿਉਂਕਿ ਖਿਡਾਰੀ ਨੌਜਵਾਨਾਂ ਦੇ ਆਦਰਸ਼ ਹਨ ਜਿਨ੍ਹਾਂ ਨੂੰ ਦੇਖ ਕੇ ਨੌਜਵਾਨੀ ਖੇਡਾਂ ਨੂੰ ਸ਼ਿੱਦਤ ਨਾਲ ਅਪਣਾਏਗੀ।
ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹੈ, ਇਹ ਸਿਰਫ ਬਚਪਨ ਜਾਂ ਜਵਾਨੀ ਦੇ ਦਿਨਾਂ ਵਿੱਚ ਹੀ ਨਹੀਂ, ਸਗੋਂ ਸਾਰੀ ਉਮਰ ਸਾਨੂੰ ਇਸ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਹਾਕੀ ਫੀਲਡ ਵਿੱਚ ਸਟਿੱਕ ਹੱਥ ਵਿੱਚ ਫੜ ਕੇ ਜੋ ਖੁਸ਼ੀ ਮਹਿਸੂਸ ਹੁੰਦੀ ਹੈ, ਉਹ ਸ਼ਬਦਾਂ ਵਿੱਚ ਨਹੀਂ ਬਿਆਨੀ ਨਹੀਂ ਜਾ ਸਕਦੀ।
ਇਸ ਮੌਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਡਾ ਗੁਰਪਿੰਦਰ ਸਿੰਘ ਸਪਰਾ ਨੇ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ, ਖੇਡਾਂ, ਸਿੱਖਿਆ ਅਤੇ ਐਨ.ਆਰ.ਆਈਜ਼ ਖੁਸ਼ਕਿਸਮਤ ਹਨ ਜਿਨ੍ਹਾਂ ਦੀ ਅਗਵਾਈ ਇਕ ਸੁਯੋਗ ਤੇ ਕਾਬਲ ਸ਼ਖ਼ਸੀਅਤ ਹੱਥ ਹੈ। ਇਸ ਮੌਕੇ ਲੀਗ ਦੇ ਮੁੱਖ ਸਪਾਂਸਰ ਬਲਦੇਵ ਸਿੰਘ ਕੰਗ (ਪ੍ਰਬਲ ਟੀ ਐਮ ਟੀ ਸਰੀਆ) ਨੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹਾਕੀ ਨਾਲ ਜੁੜੇ ਰਹਿਣਗੇ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਸਾਰੇ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ।
ਚੌਥੀ ਬਾਬਾ ਜੀ ਐਸ ਬੋਧੀ ਵੈਟਰਨ ਹਾਕੀ ਲੀਗ ਦੇ ਫ਼ਾਈਨਲ ਵਿੱਚ ਓਲੰਪੀਅਨ ਜਗਦੇਵ ਸਿੰਘ ਕਲੱਬ ਜਲੰਧਰ ਨੇ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ।
ਇਸ ਮੌਕੇ ਹਾਕੀ ਓਲੰਪੀਅਨ ਦਵਿੰਦਰ ਸਿੰਘ ਗਰਚਾ, ਹਾਕੀ ਓਲੰਪੀਅਨ ਵਰਿੰਦਰ ਸਿੰਘ, ਦਰੋਣਾਚਾਰੀਆ ਐਵਾਰਡੀ ਓਲੰਪੀਅਨ ਰਾਜਿੰਦਰ ਸਿੰਘ ਜੂਨੀਅਰ, ਕੁਲਦੀਪ ਸਿੰਘ, ਗੁਰਮੀਤ ਸਿੰਘ ਮੀਤਾ, ਸੁਰਿੰਦਰ
ਸਿੰਘ ਭਾਪਾ, ਹਰਿੰਦਰ ਸਿੰਘ ਸੰਘਾ, ਹਾਕੀ ਕੋਚ ਬਲਜੀਤ ਕੌਰ, ਜਗਜੀਤ ਸਿੰਘ, ਗੁਰਮੀਤ ਸਿੰਘ, ਸੁਖਦਰਸ਼ਨ ਕੌਰ ਕੰਗ, ਸੱਤਪਾਲ ਸਿੰਘ ਮੁਨਸ਼ੀ ਵੀ ਹਾਜ਼ਰ ਸਨ।